ਜਲੰਧਰ, 14 ਫਰਵਰੀ-ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸ਼੍ਰੀਮਦ ਭਾਗਵਤ ਗੀਤਾ ਨੂੰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਜੋ ਵੀ ਇਸ ਨੂੰ ਪੜ੍ਹਦਾ ਹੈ, ਉਸ ਦਾ ਭਗਵਾਨ ਕ੍ਰਿਸ਼ਨ ਨਾਲ ਸਿੱਧਾ ਮੇਲ ਹੁੰਦਾ ਹੈ।
ਇੱਥੋਂ ਦੇ ਸਾਈ ਦਾਸ ਸਕੂਲ ਗਰਾਊਂਡ ਵਿੱਚ ਸ਼੍ਰੀਮਦ ਭਾਗਵਤ ਕਥਾ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਗੀਤਾ ਸਿਰਫ਼ ਇੱਕ ਪਵਿੱਤਰ ਗ੍ਰੰਥ ਹੀ ਨਹੀਂ ਸਗੋਂ ਜੀਵਨ ਜਾਚ ਵੀ ਹੈ। ਉਨ੍ਹਾਂ ਕਿਹਾ ਕਿ ਗੀਤਾ ਦੀਆਂ ਸਿੱਖਿਆਵਾਂ ਨੂੰ ਤਨਦੇਹੀ ਨਾਲ ਮੰਨਣ ਵਾਲੇ ਜੀਵਨ ਦੇ ਦੁੱਖਾਂ ਨੂੰ ਦੂਰ ਕਰਦੇ ਹਨ ਕਿਉਂਕਿ ਇਹ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੂੰ ਸਹਿਣ ਦੀ ਹਿੰਮਤ ਅਤੇ ਤਾਕਤ ਦਿੰਦੀ ਹੈ। ਉਨ੍ਹਾਂ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਵੱਲੋਂ ਪ੍ਰਸਿੱਧ ਕਥਾਵਾਚਕ ਜੈ ਕਿਸ਼ੋਰੀ ਜੀ ਨੂੰ ਸੱਤ ਰੋਜ਼ਾ ਸ੍ਰੀਮਦ ਭਾਗਵਦ ਕਥਾ ਸਮਾਗਮ ਲਈ ਸੱਦਾ ਦੇ ਕੇ ਜਲੰਧਰ ਦੀ ਪਵਿੱਤਰ ਧਰਤੀ ‘ਤੇ ਇਸ ਵਿਸ਼ਾਲ ਸਮਾਗਮ ਦਾ ਆਯੋਜਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਰਿੰਕੂ ਨੇ ਕਿਹਾ ਕਿ ਇਹ ਸਮਾਗਮ ਇਸ ਧਾਰਮਿਕ ਤੌਰ ‘ਤੇ ਸਰਗਰਮ ਸ਼ਹਿਰ ਜਲੰਧਰ ਲਈ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗਾ।
ਸੰਸਦ ਮੈਂਬਰ ਨੇ ਸ਼ਰਧਾਲੂਆਂ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਤੋਂ ਵੱਡਮੁੱਲਾ ਸਬਕ ਲੈਣ ਦੀ ਵੀ ਅਪੀਲ ਕੀਤੀ, ਜਿਨ੍ਹਾਂ ਨੇ ਭਗਵਾਨ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਜੋ ਸਾਨੂੰ ਸਾਰਿਆਂ ਨੂੰ ਸਾਡੇ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਦੌਰਾਨ ਉਨ੍ਹਾਂ ਇਸ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਕਮੇਟੀ ਨੂੰ ਆਪਣੇ ਸੰਸਦ ਮੈਂਬਰ ਫੰਡ ਵਿੱਚੋਂ 500000 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤਾਂ ਜੋ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਸਕਣ।