ਸਤਿਗੁਰੂ ਕਬੀਰ ਚੌਂਕ, ਵਡਾਲਾ ਚੌਕ ਵਿਖੇ ਰਾਤ ਸਮੇਂ ਰੌਸ਼ਨੀ ਦੀ ਉਚਿਤ ਵਿਵਸਥਾ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਸਮਾਜ ਸੇਵਕ ਪਿਰਥੀਪਾਲ ਕੈਲੇ, ਜਸਵੀਰ ਬਿੱਟੂ ਵੱਲੋਂ ਮੇਅਰ ਵਨੀਤ ਧੀਰ ਨਗਰ ਨਿਗਮ ਜਲੰਧਰ ਨੂੰ ਲਿਖਤੀ ਬੇਨਤੀ ਪੱਤਰ ਦੇ ਕੇ ਉਕਤ ਚੌਂਕ ਵਿਖੇ ਐੱਲ.ਈ.ਡੀ. ਹਾਈ ਮਾਸਟ ਲਾਈਟ ਲਗਵਾਉਣ ਦੀ ਮੰਗ ਕੀਤੀ ਗਈ ਹੈ।
ਪਿਰਥੀਪਾਲ ਕੈਲੇ ਨੇ ਕਿਹਾ ਕਿ ਇਹ ਚੌਂਕ ਆਵਾਜਾਈ ਦੇ ਪੱਖੋਂ ਇੱਕ ਮਹੱਤਵਪੂਰਨ ਸਥਾਨ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਰਾਤ ਸਮੇਂ ਲੋੜੀਂਦੀ ਰੌਸ਼ਨੀ ਨਾ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਦਿੱਕਤ ਹੁੰਦੀ ਹੈ।

ਪਿਰਥੀਪਾਲ ਕੈਲੇ ਨੇ ਮੇਅਰ ਵਨੀਤ ਧੀਰ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਚੌਂਕ ਵਿਖੇ ਦੀਵਾਲੀ ਤੇ ਐੱਲ.ਈ.ਡੀ. ਹਾਈ ਮਾਸਟ ਲਾਈਟ ਲਗਵਾਈ ਜਾਵੇ ਤਾਂ ਜੋ ਚੌਕ ਰੌਸ਼ਨੀ ਨਾਲ ਜਗਮਗਾ ਉਠੇ ਤੇ ਇਲਾਕਾ ਨਿਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ।
ਸਮਾਜ ਸੇਵਕ ਪਿਰਥੀਪਾਲ ਕੈਲੇ ਤੇ ਜਸਵੀਰ ਬਿੱਟੂ ਨੇ ਇਸ ਕੰਮ ਲਈ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੇਗੀ।

