ਜਲੰਧਰ, 30 ਅਗਸਤ: ਨਿਰਮਲ ਸੰਪ੍ਰਦਾਇ ਦੇ ਇਤਿਹਾਸ, ਉਤਪੱਤੀ, ਵਿਦਵਾਨੀ ਪਰੰਪਰਾ ਅਤੇ ਪੰਜਾਬ ਦੀ ਗਿਆਨ-ਵਿਰਾਸਤ ਵਿੱਚ ਇਸ ਦੇ ਯੋਗਦਾਨ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਡਿਜੀਟਲ ਮੀਡੀਆ ਐਸੋਸੀਏਸ਼ਨ ਅਤੇ ਵਿਰਸਾ ਵਿਹਾਰ, ਜਲੰਧਰ ਦੇ ਸਾਂਝੇ ਪ੍ਰਬੰਧ ਹੇਠ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ ਗਿਆਨ ਅਤੇ ਵਿਚਾਰ-ਵਟਾਂਦਰੇ ਪੱਖੋਂ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।
‘ਨਿਰਮਲ ਸੰਪ੍ਰਦਾਇ: ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ’ ਵਿਸ਼ੇ ’ਤੇ ਕਰਵਾਏ ਇਸ ਸੈਮੀਨਾਰ ਵਿੱਚ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ ਅਤੇ ਨਿਰਮਲ ਪਰੰਪਰਾ ਦੇ ਵਿਦਵਾਨ ਸੰਤ ਤੇਜਾ ਸਿੰਘ ਜੀ ਐਮ.ਏ., ਖੁੱਡਾ ਵਾਲੇ ਨੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸੰਚਾਲਨਾ ਗੁਰਪ੍ਰੀਤ ਸਿੰਘ ਸੰਧੂ, ਸੰਪਾਦਕ ਕੇਸਰੀ ਵਿਰਾਸਤ ਦੀ ਨਿਗਰਾਨੀ ਹੇਠ ਹੋਈ।
ਇਸ ਮੌਕੇ ਨਿਰਮਲ ਆਸ਼ਰਮ, ਅਰਜਨ ਨਗਰ ਦੇ ਸੰਤ ਬਾਬਾ ਗੁਰਿੰਦਰ ਪਾਲ ਸਿੰਘ ਜੀ ਨੇ ਕਿਹਾ ਕਿ ਆਪਣੇ ਇਤਿਹਾਸ ਅਤੇ ਗਿਆਨ-ਵਿਰਸੇ ਨੂੰ ਜਾਣਨਾ ਕੇਵਲ ਅਤੀਤ ਨੂੰ ਯਾਦ ਕਰਨਾ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਛਾਣ, ਵਿਚਾਰਧਾਰਾ ਅਤੇ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਹੈ।
ਨਿਰਮਲ ਪਰੰਪਰਾ ਪੰਜਾਬ ਦੀ ਵਿਸ਼ਾਲ ਗਿਆਨ-ਵਿਰਾਸਤ ਦਾ ਅਹਿਮ ਹਿੱਸਾ
ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਨੇ ਨਿਰਮਲ ਸੰਪ੍ਰਦਾਇ ਦੇ ਇਤਿਹਾਸਕ ਅਤੇ ਵਿਦਵਾਨੀ ਪੱਖਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਨਿਰਮਲ ਪਰੰਪਰਾ ਨੂੰ ਸਿਰਫ਼ ਇੱਕ ਧਾਰਮਿਕ ਸੰਪ੍ਰਦਾਇ ਦੇ ਸੀਮਤ ਦਾਇਰੇ ਵਿੱਚ ਦੇਖਣ ਦੀ ਬਜਾਏ ਪੰਜਾਬ ਦੀ ਵਿਸ਼ਾਲ ਗਿਆਨ, ਸਾਹਿਤ, ਦਰਸ਼ਨ ਅਤੇ ਵਿਦਿਆ ਪਰੰਪਰਾ ਦੇ ਅਹਿਮ ਹਿੱਸੇ ਵਜੋਂ ਸਮਝਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨਿਰਮਲ ਵਿਦਵਾਨਾਂ ਦੀਆਂ ਰਚਨਾਵਾਂ, ਉਨ੍ਹਾਂ ਵੱਲੋਂ ਕੀਤੇ ਗਏ ਅਧਿਐਨ ਅਤੇ ਵੱਖ-ਵੱਖ ਵਿਦਿਆ ਕੇਂਦਰਾਂ ਦੀ ਭੂਮਿਕਾ ਪੰਜਾਬ ਦੇ ਬੌਧਿਕ ਇਤਿਹਾਸ ਨੂੰ ਸਮਝਣ ਲਈ ਮਹੱਤਵਪੂਰਨ ਸਰੋਤ ਹਨ।
ਮੁੱਖ ਮਹਿਮਾਨ ਸੰਤ ਤੇਜਾ ਸਿੰਘ ਜੀ ਐਮ.ਏ. ਨੇ ਕਿਹਾ ਕਿ ਨਿਰਮਲ ਵਿਦਵਾਨਾਂ ਨੇ ਗੁਰਮਤਿ ਦੇ ਨਾਲ-ਨਾਲ ਸੰਸਕ੍ਰਿਤ, ਵੇਦਾਂਤ, ਬ੍ਰਜ ਅਤੇ ਪੰਜਾਬੀ ਸਾਹਿਤ ਦੇ ਅਧਿਐਨ ਅਤੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਵਿਰਾਸਤ ਦੇ ਕਈ ਪੱਖ ਅਜੇ ਵੀ ਡੂੰਘੀ ਖੋਜ ਦੀ ਉਡੀਕ ਕਰ ਰਹੇ ਹਨ ਅਤੇ ਨਵੀਂ ਪੀੜ੍ਹੀ ਨੂੰ ਇਸ ਗਿਆਨ-ਪਰੰਪਰਾ ਨਾਲ ਜੋੜਨ ਲਈ ਅਜਿਹੇ ਵਿਦਵਾਨੀ ਸੰਵਾਦ ਸਮੇਂ ਦੀ ਲੋੜ ਹਨ।
ਪੁਰਾਤਨ ਗ੍ਰੰਥਾਂ ਅਤੇ ਹੱਥ-ਲਿਖਤਾਂ ’ਤੇ ਖੋਜ ਦੀ ਲੋੜ
ਸੈਮੀਨਾਰ ਦੌਰਾਨ ਬੁਲਾਰਿਆਂ ਨੇ ਨਿਰਮਲ ਸੰਪ੍ਰਦਾਇ ਦੀਆਂ ਪੁਰਾਤਨ ਰਚਨਾਵਾਂ, ਗ੍ਰੰਥਾਂ, ਹੱਥ-ਲਿਖਤਾਂ, ਟੀਕਿਆਂ ਅਤੇ ਨਿਰਮਲ ਵਿਦਿਆ ਕੇਂਦਰਾਂ ਨਾਲ ਸਬੰਧਤ ਇਤਿਹਾਸਕ ਸਮੱਗਰੀ ਦੀ ਵਿਗਿਆਨਕ ਢੰਗ ਨਾਲ ਸੰਭਾਲ ਅਤੇ ਖੋਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਨਿਰਮਲ ਸੰਪ੍ਰਦਾਇ ਦੀ ਗਿਆਨ-ਪਰੰਪਰਾ ਪੰਜਾਬ ਦੇ ਬੌਧਿਕ ਇਤਿਹਾਸ ਦਾ ਮਹੱਤਵਪੂਰਨ ਪਰ ਕਾਫ਼ੀ ਹੱਦ ਤੱਕ ਅਣਗੌਲਿਆ ਪੱਖ ਹੈ। ਇਸ ਖੇਤਰ ਵਿੱਚ ਯੋਜਨਾਬੱਧ ਖੋਜ, ਦਸਤਾਵੇਜ਼ੀਕਰਨ ਅਤੇ ਡਿਜੀਟਲ ਆਰਕਾਈਵ ਤਿਆਰ ਕਰਨ ਦੀ ਲੋੜ ਹੈ।
ਇਸ ਮੌਕੇ ਨਿਰਮਲ ਕੁਟੀਆ ਅਰਜਨ ਨਗਰ, ਜਲੰਧਰ ਦੇ ਸੰਤ ਗੁਰਿੰਦਰ ਪਾਲ ਸਿੰਘ ਜੀ ਅਤੇ ਡੇਰਾ ਸੰਤਪੁਰਾ ਲਾਇਲਪੁਰੀ ਦੇ ਮੁਖੀ ਸੰਤ ਰਣਜੀਤ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸੈਮੀਨਾਰ ਨੂੰ ਗਿਆਨ ਭਰਪੂਰ ਅਤੇ ਸਾਰਥਕ ਉਪਰਾਲਾ ਕਰਾਰ ਦਿੰਦਿਆਂ ਭਵਿੱਖ ਵਿੱਚ ਆਪਣੇ ਡੇਰਿਆਂ ਵੱਲੋਂ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜਿਕ ਸ਼ਖ਼ਸੀਅਤਾਂ ਦੀ ਸ਼ਮੂਲੀਅਤ
ਸਮਾਗਮ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ, ਸਕੱਤਰ ਗੁਰਮੀਤ ਸਿੰਘ* ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪੈਟਰਨ ਪ੍ਰਦੀਪ ਵਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਪੀ.ਆਰ.ਓ. ਧਰਮਿੰਦਰ ਸੋਂਧੀ ਸਕੱਤਰ ਕੇਵਲ ਕ੍ਰਿਸ਼ਨ ਜੁਆਇੰਟ ਸਕੱਤਰ ਜਤਿਨ ਬੱਬਰ
ਖ਼ਜ਼ਾਨਚੀ ਵਰੁਣ ਗੁਪਤਾ, ਡਾ. ਵਨੀਤ ਸ਼ਰਮਾ, ਪੰਚਨਦ ਸ਼ੋਧ ਸੰਸਥਾਨ ਦੇ ਸ੍ਰੀ ਕੰਕੇਸ਼ ਗੁਪਤਾ, ਹਰਸੇਵਕ ਸਿੰਘ ਭੁੱਲਰ, ਐਸ.ਪੀ. ਸਿੰਘ ਸਮੇਤ ਵੱਖ-ਵੱਖ ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
‘ਕੇਸਰੀ ਵਿਰਾਸਤ’ ਵੱਲੋਂ ਸੰਵਾਦ ਨੂੰ ਅੱਗੇ ਵਧਾਉਣ ਦਾ ਐਲਾਨ
ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ, ਸੰਪਾਦਕ ਕੇਸਰੀ ਵਿਰਾਸਤ , ਨੇ ਕਿਹਾ ਕਿ ‘ਕੇਸਰੀ ਵਿਰਾਸਤ’ ਵੱਲੋਂ ਨਿਰਮਲ ਵਿਦਵਾਨਾਂ ਨਾਲ ਪਹਿਲਾਂ ਤੋਂ ਹੀ ਪੌਡਕਾਸਟ ਅਤੇ ਵਿਚਾਰ-ਸੰਵਾਦ. ਦੀ ਲੜੀ ਚਲਾਈ ਜਾ ਰਹੀ ਹੈ। ਇਸ ਸੈਮੀਨਾਰ ਦਾ ਉਦੇਸ਼ ਇਸ ਸੰਵਾਦ ਨੂੰ ਹੋਰ ਵਿਸ਼ਾਲ ਵਿਦਵਾਨੀ ਮੰਚ ਪ੍ਰਦਾਨ ਕਰਨਾ ਅਤੇ ਨਿਰਮਲ ਪਰੰਪਰਾ ਦੇ ਸਾਹਿਤਕ, ਇਤਿਹਾਸਕ ਅਤੇ ਗਿਆਨਾਤਮਕ ਪੱਖਾਂ ਨੂੰ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ, “ਵਿਰਾਸਤ ਸਿਰਫ਼ ਯਾਦ ਕਰਨ ਵਾਲੀ ਚੀਜ਼ ਨਹੀਂ, ਸਗੋਂ ਸਮਝਣ, ਖੋਜਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਾਲੀ ਜ਼ਿੰਮੇਵਾਰੀ ਹੈ।”
ਨਿਰਮਲ ਸੰਤਾਂ ਦੀ ਘਾਲਣਾ ਨੂੰ ਸਮਰਪਿਤ ਗੀਤ ਰਿਲੀਜ਼
ਸਮਾਗਮ ਦੌਰਾਨ ਨਿਰਮਲ ਸੰਤਾਂ ਦੀ ਵਿਦਵਾਨੀ ਅਤੇ ਸਮਾਜਿਕ ਘਾਲਣਾ ਨੂੰ ਸਮਰਪਿਤ ਇੱਕ ਵਿਸ਼ੇਸ਼ ਗੀਤ ਵੀ ‘ਵਿਰਾਸਤ ਡਿਵਾਈਨ’ ਚੈਨਲ ’ਤੇ ਰਿਲੀਜ਼ ਕੀਤਾ ਗਿਆ। ਗੀਤ ਰਾਹੀਂ ਨਿਰਮਲ ਸੰਤਾਂ ਵੱਲੋਂ ਗਿਆਨ, ਸਾਹਿਤ, ਗੁਰਮਤਿ ਵਿਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਸਮਾਗਮ ਦੇ ਅੰਤ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ ਅਤੇ ਪੈਟਰਨ ਪ੍ਰਦੀਪ ਕੁਮਾਰ ਵਰਮਾ ਵੱਲੋਂ ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਅਤੇ ਮੁੱਖ ਮਹਿਮਾਨ ਸੰਤ ਤੇਜਾ ਸਿੰਘ ਜੀ ਐਮ.ਏ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਕਿ ਨਿਰਮਲ ਸੰਪ੍ਰਦਾਇ ਦੀ ਗਿਆਨ-ਪਰੰਪਰਾ ’ਤੇ ਖੋਜ ਅਤੇ ਵਿਚਾਰ-ਸੰਵਾਦ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਪੰਜਾਬ ਦੀ ਇਸ ਅਮੁੱਲ ਬੌਧਿਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਰੱਖਣ ਦੀ ਬਜਾਏ ਅੱਜ ਦੀ ਪੀੜ੍ਹੀ ਦੇ ਗਿਆਨ ਅਤੇ ਵਿਚਾਰ-ਵਟਾਂਦਰੇ ਦਾ ਸਰਗਰਮ ਹਿੱਸਾ ਬਣਾਇਆ ਜਾ ਸਕੇ।

