ਜਲੰਧਰ ‘ਚ ਨੋਟਿਸ ਦੇ ਬਾਵਜੂਦ ਤਿਆਰ ਹੋ ਗਈ ਹੈਂਡ ਟੂਲ ਫੈਕਟਰੀ!

ਜਲੰਧਰ ‘ਚ ਨੋਟਿਸ ਦੇ ਬਾਵਜੂਦ ਤਿਆਰ ਹੋ ਗਈ ਹੈਂਡ ਟੂਲ ਫੈਕਟਰੀ!

ਬਸਤੀ ਦਾਨਿਸ਼ਮੰਦਾ ਸਥਿਤ ਰਾਮ ਸ਼ਰਨਮ ਆਸ਼ਰਮ ਦੇ ਨਾਲ ਰਿਹਾਇਸ਼ੀ ਇਲਾਕੇ ਵਿੱਚ ਬਣ ਰਹੀ ਵਿਵਾਦਿਤ ਹੈਂਡ ਟੂਲ ਫੈਕਟਰੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਉਸਾਰੀ ਦਾ ਕੰਮ ਨਹੀਂ ਰੁਕਿਆ ਅਤੇ ਅੱਜ ਫੈਕਟਰੀ ਪੂਰੀ ਤਰ੍ਹਾਂ ਬਣ ਕੇ ਤਿਆਰ ਖੜ੍ਹੀ ਹੈ। ਇਸ ਕਾਰਨ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਨਿਗਰਾਨੀ ਪ੍ਰਣਾਲੀ ‘ਤੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਇਲਾਕਾ ਨਿਵਾਸੀਆਂ ਮੁਤਾਬਕ ਫੈਕਟਰੀ ਦੀ ਉਸਾਰੀ ਸਬੰਧੀ ਪਹਿਲਾਂ ਵੀ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਉਸਾਰੀ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕੰਮ ਲਗਾਤਾਰ ਜਾਰੀ ਰਿਹਾ ਅਤੇ ਹੌਲੀ-ਹੌਲੀ ਪੂਰਾ ਉਦਯੋਗਿਕ ਢਾਂਚਾ ਤਿਆਰ ਕਰ ਦਿੱਤਾ ਗਿਆ।

ਹੁਣ ਫੈਕਟਰੀ ਦੀ ਇਮਾਰਤ, ਮੁੱਖ ਗੇਟ ਅਤੇ ਹੋਰ ਲੋੜੀਂਦੀਆਂ ਤਿਆਰੀਆਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਸੜਕ ਵਾਲੇ ਪਾਸੇ ਸਿਰਫ਼ ਇੱਕ ਉੱਚੀ ਕੰਧ ਹੀ ਨਜ਼ਰ ਆਉਂਦੀ ਸੀ, ਪਰ ਇਸ ਕੰਧ ਦੇ ਪਿੱਛੇ ਵੱਡੇ ਪੱਧਰ ‘ਤੇ ਉਸਾਰੀ ਦਾ ਕੰਮ ਚੱਲਦਾ ਰਿਹਾ।

ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਤ ਵਿਭਾਗਾਂ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੰਮ ਨੂੰ ਸਮੇਂ ਸਿਰ ਨਹੀਂ ਰੋਕਿਆ ਗਿਆ।

ਇਸ ਮਾਮਲੇ ਨੇ ਨਗਰ ਨਿਗਮ ਦੀ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਨਿਗਮ ਨੂੰ ਉਸਾਰੀ ਦੀ ਜਾਣਕਾਰੀ ਸੀ ਅਤੇ ਸਬੰਧਤ ਧਿਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤਾਂ ਫਿਰ ਉਸਾਰੀ ਦਾ ਕੰਮ ਆਖ਼ਿਰ ਜਾਰੀ ਕਿਵੇਂ ਰਿਹਾ? ਕੀ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਲਾਪਰਵਾਹੀ ਹੋਈ ਜਾਂ ਫਿਰ ਕਿਸੇ ਦੀ ਸਰਪ੍ਰਸਤੀ ਹੇਠ ਨਿਯਮਾਂ ਨੂੰ ਅਣਡਿੱਠਾ ਕਰਕੇ ਇਹ ਕੰਮ ਮੁਕੰਮਲ ਕੀਤਾ ਗਿਆ?

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਚੱਲਣ ਨਾਲ ਪ੍ਰਦੂਸ਼ਣ, ਟ੍ਰੈਫਿਕ ਅਤੇ ਸ਼ੋਰ-ਸ਼ਰਾਬੇ ਦੀ ਸਮੱਸਿਆ ਵਧ ਸਕਦੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਨੂੰ ਇਮਾਰਤ ਨਿਰਮਾਣ ਨਿਯਮਾਂ ਅਤੇ ਹੋਰ ਮਨਜ਼ੂਰੀਆਂ ਨਾਲ ਸਬੰਧਤ ਮਾਲੀ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ।

ਇਲਾਕਾ ਨਿਵਾਸੀਆਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸਾਰੀ ਦਾ ਕੰਮ ਕਿਉਂ ਨਹੀਂ ਰੁਕਿਆ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਉਸਾਰੀ ਮੁਕੰਮਲ ਹੋਈ।

ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਇਸ ਮਾਮਲੇ ਵਿੱਚ ਕੀ ਕਦਮ ਚੁੱਕਦਾ ਹੈ ਅਤੇ ਕੀ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਜਾਂ ਫਿਰ ਇਹ ਮਾਮਲਾ ਵੀ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਵੇਗਾ।

Related Articles

Leave a Reply

Your email address will not be published. Required fields are marked *